ਐਮ.ਆਰ.ਐਸ.ਪੀ.ਟੀ.ਯੂ. ਵਿਖੇ “ਯੂਥ ਕਨੈਕਟ 2026” ਨਾਲ ਅੰਤਰਰਾਸ਼ਟਰੀ ਯੁਵਾ ਦਿਵਸ ਦਾ ਸ਼ਾਨਦਾਰ ਆਯੋਜਨ
ਐਮ.ਆਰ.ਐਸ.ਪੀ.ਟੀ.ਯੂ. ਵਿਖੇ “ਯੂਥ ਕਨੈਕਟ 2026” ਨਾਲ ਅੰਤਰਰਾਸ਼ਟਰੀ ਯੁਵਾ ਦਿਵਸ ਦਾ ਸ਼ਾਨਦਾਰ ਆਯੋਜਨ

ਬਠਿੰਡਾ, 12 ਅਗਸਤ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਵਿਖੇ ਅੰਤਰਰਾਸ਼ਟਰੀ ਯੁਵਾ ਦਿਵਸ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ (ਐਸ.ਆਈ.ਪੀ.-2026) ਅਤੇ “ਯੂਥ ਕਨੈਕਟ 2026” ਰਾਹੀਂ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਵਿੱਚ ਬਠਿੰਡਾ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਅਤੇ ਗੁਰੂ ਹਰਕ੍ਰਿਸ਼ਨ ਐਜੂਕੇਸ਼ਨਲ ਸੋਸਾਇਟੀ, ਚੰਡੀਗੜ੍ਹ ਦੇ ਮੁੱਖ ਕਾਰਜਕਾਰੀ ਸ. ਗੁਲਜੀਤ ਸਿੰਘ ਸ਼ਾਹ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਵਿਦਿਆਰਥੀਆਂ ਨੂੰ ਸਮਰਪਣ, ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਸੋਚ ਨਾਲ ਆਪਣੇ ਟੀਚਿਆਂ ਵੱਲ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥਣਾਂ ਦੇ ਹੋਸਟਲ ਲਈ ਵਿਸ਼ੇਸ਼ ਓਪਨ ਜਿਮ ਬਣਾਉਣ ਦਾ ਐਲਾਨ ਕਰਨ ਦੇ ਨਾਲ-ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਵਿਸ਼ੇਸ਼ ਬੱਸ ਸਟੈਂਡ ਬਣਾਉਣ ਦਾ ਭਰੋਸਾ ਵੀ ਦਿੱਤਾ। ਸ. ਗੁਲਜੀਤ ਸਿੰਘ ਸ਼ਾਹ ਨੇ ਵਿਦਿਆਰਥੀਆਂ ਨੂੰ ਪੜ੍ਹਾਈ ’ਤੇ ਧਿਆਨ ਕੇਂਦਰਿਤ ਕਰਕੇ ਵਧੀਆ ਨਤੀਜੇ ਹਾਸਲ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਵਿੱਤੀ ਮੁਸ਼ਕਲਾਂ ਨੂੰ ਹੋਣਹਾਰ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰੂ ਹਰਕ੍ਰਿਸ਼ਨ ਐਜੂਕੇਸ਼ਨਲ ਸੋਸਾਇਟੀ ਵੱਲੋਂ ਐਮ.ਆਰ.ਐਸ.ਪੀ.ਟੀ.ਯੂ. ਦੇ ਵਿਦਿਆਰਥੀਆਂ ਨੂੰ ਲਗਭਗ 15 ਲੱਖ ਰੁਪਏ ਅਤੇ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਕਰੀਬ 3.5 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਵਾਈਸ ਚਾਂਸਲਰ ਪ੍ਰੋ. (ਡਾ.) ਸੰਜੀਵ ਕੁਮਾਰ ਸ਼ਰਮਾ ਨੇ ਅੰਤਰਰਾਸ਼ਟਰੀ ਯੁਵਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ ਅਤੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਜੀਵਨ ਨੂੰ ਅਨੁਸ਼ਾਸਨ, ਨਵੀਨਤਾ ਅਤੇ ਉਤਸ਼ਾਹ ਨਾਲ ਅਪਣਾਉਣ ਲਈ ਪ੍ਰੇਰਿਤ ਕੀਤਾ। ਲੋਕ ਸੰਪਰਕ ਵਿਭਾਗ ਵੱਲੋਂ ਵਿਦਿਆਰਥੀ ਅੰਬੈਸਡਰ ਟੀਮ ਦੇ ਸਹਿਯੋਗ ਨਾਲ ਕਰਵਾਏ “ਯੂਥ ਕਨੈਕਟ 2026” ਵਿੱਚ ਵਿਦਿਆਰਥੀਆਂ ਨੇ ਗਾਇਕੀ, ਨਾਚ, ਰੈਪ, ਕਵਿਤਾ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇੰਜੀਨੀਅਰ ਸਾਹਿਲ ਗਰਗ, ਸੋਸ਼ਲ ਮੀਡੀਆ ਇੰਚਾਰਜ, ਨੇ ਪ੍ਰੋਗਰਾਮ ਦੇ ਆਯੋਜਨ ਵਿੱਚ ਅਹਿਮ ਭੂਮਿਕਾ ਨਿਭਾਈ। ਡਾਂਸ ਮੁਕਾਬਲੇ ਵਿੱਚ ਰਾਧਾ ਨੇ ਪਹਿਲਾ ਅਤੇ ਜਸ਼ਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਗਾਇਕੀ ਵਿੱਚ ਨਵੀਨ ਜੈਸਲ ਨੇ ਪਹਿਲਾ ਅਤੇ ਓਂਕਾਰਪ੍ਰੀਤ ਸਿੰਘ ਨੇ ਦੂਜਾ ਇਨਾਮ ਜਿੱਤਿਆ। ਸਮੁੱਚੇ ਪ੍ਰੋਗਰਾਮ ਦਾ ਤਾਲਮੇਲ ਡਾ. ਗਗਨਦੀਪ ਸਿੰਘ ਸੋਢੀ, ਡਾ. ਹਰਮ੍ਰਿਤਪਾਲ ਸਿੰਘ ਸਿੱਧੂ, ਦਾਖਲਾ ਕੋਆਰਡੀਨੇਟਰ ਅਤੇ ਪ੍ਰੋ. ਸੁਨੀਤਾ ਕੋਤਵਾਲ ਵੱਲੋਂ ਕੀਤਾ ਗਿਆ। ਡਾ. ਵੇਦ ਪ੍ਰਕਾਸ਼, ਕੋਆਰਡੀਨੇਟਰ ਐਸ.ਆਈ.ਪੀ.-2026 ਅਤੇ ਸ. ਹਰਜਿੰਦਰ ਸਿੰਘ ਸਿੱਧੂ, ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ, ਜਦਕਿ ਡਾ. ਅਨੁਮੀਤ ਕੌਰ ਸਿੱਧੂ ਨੇ ਪ੍ਰਤਿਭਾ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਨਿਭਾਈ। ਪ੍ਰੋਗਰਾਮ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਜੀਵਨ ਦੀ ਇੱਕ ਉਤਸ਼ਾਹਪੂਰਨ, ਪ੍ਰੇਰਨਾਦਾਇਕ ਅਤੇ ਯਾਦਗਾਰੀ ਸ਼ੁਰੂਆਤ ਪ੍ਰਦਾਨ ਕੀਤੀ।



